
ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਨਾ ਭਰਾ ਪਿਛਲੇ 4 ਮਹੀਨਿਆਂ ਤੋਂ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਰਹੇ ਸਨ ਤੇ ਆਖ ਰਹੇ ਸਨ ਕਿ ਇਹ ਚੰਦ ਦਿਨਾਂ ਦੀ ਕਮੇਟੀ ਹੈ। ਉਹਨਾਂ ਕਿਹਾ ਕਿ ਜੋ ਨਿਪਟਾਰਾ ਅੱਜ ਦਿੱਲੀ ਹਾਈ ਕੋਰਟ ਵਿਚ ਮਾਣਯੋਗ ਜੱਜ ਰੇਖਾ ਪੱਲੀ ਜੀ ਵੱਲੋਂ ਕੀਤਾ ਗਿਆ, ਉਸ ਨਾਲ ਸਰਨਾ ਭਰਾਵਾਂ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ ਹੈ। ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਕਿਹਾ ਹੈ ਕਿ ਜਦੋਂ 11 ਘੰਟੇ ਤੱਕ ਬੈਲਟ ਬਕਸਾ ਸਰਨਾ ਭਰਾਵਾਂ ਦੇ ਕਬਜ਼ੇ ਵਿਚ ਸੀ ਅਤੇ ਪੁਲਿਸ ਵਾਰ ਵਾਰ ਉਹਨਾਂ ਨੁੰ ਅਪੀਲਾਂ ਕਰ ਰਹੀ ਸੀ ਤਾਂ ਫਿਰ ਧੱਕੇਸ਼ਾਹੀ ਦਾ ਸਵਾਲ ਕਿਥੇ ਉਠਦਾ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਸਰਨਾ ਭਰਾ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਕਬਜ਼ੇ ਦੇ ਇਲਜ਼ਾਮ ਲਗਾ ਰਹੇ ਸਨ ਤੇ ਅੱਜ ਜਦੋਂ ਉਹਨਾਂ ਨੁੰ ਅਦਾਲਤ ਦੇ ਫੈਸਲੇ ਦਾ ਪਹਿਲਾਂ ਤੋਂ ਅਹਿਸਾਸ ਹੋ ਗਿਆ ਤਾਂ ਉਹ ਅਦਾਲਤ ਵਿਚੋਂ ਭੱਜ ਗਏ। ਉਹਨਾਂ ਕਿਹਾ ਕਿ ਅਕਾਲ ਪੁਰਖ ਦੀ ਰਹਿਮਤ ਸਦਕਾ ਇਹਨਾਂ ਦਾ ਪ੍ਰਚਾਰ ਕੂੜ ਪ੍ਰਚਾਰ ਸਾਬਤ ਹੋ ਗਿਆ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਜਿਹਨਾਂ ਨੇ ਫਤਵਾ ਦੇ ਕੇ ਸੇਵਾ ਮੌਜੂਦਾ ਸੇਵਾਦਾਰਾਂ ਨੁੰ ਸੇਵਾ ਸੌਂਪੀ ਸੀ, ਉਸਦੀ ਬਹੁਤ ਵੱਡੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਸੰਗਤਾਂ ਦੇ ਫਤਵੇ ਨੂੰ ਨਹੀਂ ਸਵੀਕਾਰਿਆ ਤੇ ਅਦਾਲਤਾਂ ਦਾ ਰੁੱਖ ਕੀਤਾ ਜਿਥੇ ਇਹਨਾਂ ਪੂਰੀ ਕੋਸ਼ਿਸ਼ ਕੀਤੀ ਕਿ ਝੂਠ ਦਾ ਸਹਾਰਾ ਲਿਆ ਜਾਵੇ ਪਰ ਇਹਨਾਂ ਦੀ ਹਾਰ ਹੋਈ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਕਾਨੁੰਨ ਹੈ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।