ਭਿਆਨਕ ਸੜਕ ਹਾਦਸਾ,ਇਕ ਦੀ ਮੌਤ, 5 ਜ਼ਖ਼ਮੀ

ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਚੰਡੀਗੜ੍ਹ ਬਾਈਪਾਸ ਤੇ ਭਿਆਨਕ ਸੜਕ ਹਾਦਸੇ ’ਚ ਬੀਤੇ ਦਿਨ ਇਕ ਦੀ ਮੌਤ ਤੇ 5 ਲੋਕਾਂ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਖਲਵਾੜਾ ਬਾਈਪਾਸ 'ਤੇ 2 ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਜਿਸ ਕਾਰਨ ਕਾਰ 'ਚ ਸਵਾਰ 3 ਔਰਤਾਂ ਸਮੇਤ 6 ਲੋਕ ਜਖਮੀ ਹੋ ਗਏ ।ਜਿਨ੍ਹਾਂ ਨੂੰ ਪੁਲਿਸ ਮੁਲਾਜਮਾਂ ਤੇ ਰਾਹਗੀਰਾਂ ਵਲੋਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।



ਜਿੱਥੇ ਡਾਕਟਰਾਂ ਵਲੋਂ ਇਕ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਤੇ ਬਾਕੀ 5 ਲੋਕਾਂ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰੀਹਾ ਹੈ। ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਦਸਿਆ ਉਨ੍ਹਾਂ ਕੋਲ ਸੜਕ ਹਾਦਸੇ ਦੇ 6 ਲੋਕ ਆਏ ਸਨ ।ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਬਾਕੀ 5 ਦਾ ਇਲਾਜ ਚੱਲ ਰੀਹਾ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੱਖੂ ਵਜੋਂ ਹੋਈ ਹੈ ।ਜਦਕਿ ਜਖਮੀਆਂ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਸੁਖਵੰਤ ਸਿੰਘ, ਨਛੱਤਰ ਸਿੰਘ ਪੁੱਤਰ ਹਰਬੰਸ ਸਿੰਘ,ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ,ਗੁਰਮੀਤ ਕੌਰ ਪਤਨੀ ਨਛੱਤਰ ਸਿੰਘ,ਨਵਜੋਤ ਕੌਰ ਪਤਨੀ ਸਤਨਾਮ ਸਿੰਘ ਸਾਰੇ ਵਾਸੀ ਕਿਲੀ ਬੋਤਲਾਂ ਮੱਖੂ ਵਜੋਂ ਹੋਈ ਹੈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post a Comment