ਮਾਨਸੂਨ ਸੀਜ਼ਨ ਦੌਰਾਨ ਪੌਦਿਆਂ ਦੀ ਸਪਲਾਈ ਲਈ ਜੰਗਲਾਤ ਵਿਭਾਗ ਨਾਲ ਤਾਲਮੇਲ ਸਥਾਪਿਤ ਕਰਨ ਦੇ ਨਿਰਦੇਸ਼
ਫਗਵਾੜਾ (ਨਰੇਸ਼ ਪਾਸੀ / ਡਾ ਰਮਨ )
ਫਗਵਾੜਾ ਨਗਰ ਨਿਗਮ ਵਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਪੌਦੇ ਲਗਾਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਨਗਰ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਡਾ. ਨਯਨ ਜੱਸਲ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਸ਼੍ਰੀ ਸੰਦੀਪ ਤਿਵਾੜੀ, ਚੀਫ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਤੇ ਐਕਸੀਅਨ ਬਲਜਿੰਦਰ ਸਿੰਘ , ਐਸ.ਡੀ.ਓ. ਪੰਕਜ ਵਲੋਂ ਨਗਰ ਨਿਗਮ ਦੇ ਪਾਰਕ ਵਿਖੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ।

ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਵਾਤਾਵਰਣ ਸੰਭਾਲ ਤੇ ਹਰਿਆਲੀ ਲਈ ਸਰਕਾਰੀ ਇਮਾਰਤਾਂ ਦੀਆਂ ਕੰਧਾਂ ’ਤੇ ਪਾਣੀ ਬਚਾਉਣ, ਪੌਦੇ ਲਾਉਣ ਤੇ ਦਰੱਖਤਾਂ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੰਦੀਆਂ ਪੇਂਟਿੰਗਜ਼ ਤੇ ਸਲੋਗਨ ਲਿਖਵਾਏ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਵਿਦਿਅਕ ਸੰਸਥਾਵਾਂ ਨਾਲ ਮਿਲਕੇ ਵਾਤਾਵਰਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵੀ ਕਰਵਾਏ ਜਾਣਗੇ ਤਾਂ ਜੋ ਇਸ ਮੁਹਿੰਮ ਵਿਚ ਵਿਦਿਆਰਥੀਆਂ ਤੇ ਆਮ ਨਾਗਰਿਕਾਂ ਨੂੰ ਵੀ ਜੋੜਿਆ ਜਾ ਸਕੇ।
ਉਨ੍ਹਾਂ ਪੌਦੇ ਲਗਾਉਣ ਮੌਕੇ ਪੌਦਿਆਂ ਦੀ ਮੁਕੰਮਲ ਦੇਖਭਾਲ ਦਾ ਵੀ ਅਹਿਦ ਲਿਆ। ਉਨਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਅਗਾਮੀ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜੰਗਲਾਤ ਵਿਭਾਗ ਨਾਲ ਤਾਲਮੇਲ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਗਰਮੀ ਦੇ ਮੌਸਮ ਦੌਰਾਨ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਵਿਸ਼ੇਸ਼ ਕਰਕੇ ਗੱਡੀਆਂ ਆਦਿ ਦੀ ਧੁਆਈ ਲਈ ਪਾਣੀ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ