ਵੱਡੀ ਖਬਰ ! ਕਿਸਾਨਾਂ ਤੋਂ ਬਾਅਦ ਹੁਣ ਠੇਕੇਦਾਰ-ਲੇਬਰ ਵੀ ਕਰੇਗੀ ਸੰਘਰਸ਼

ਫਿ਼ਰੋਜ਼ਪੁਰ (ਜਤਿੰਦਰ ਪਿੰਕਲ) :- ਕਿਸਾਨਾਂ ਵੱਲੋਂ ਧਰਨਾ ਦੇਣ ਬਾਅਦ ਸੜਕਾਂ `ਤੇ ਕੰਮ ਕਰਦੇ ਠੇਕੇਦਾਰਾਂ ਅਤੇ ਲੇਬਰ ਨੇ ਵੀ ਵਜਾਇਆ ਸੰਘਰਸ਼ ਦਾ ਬਿਗੁਲ। ਬੀਤੇ ਦਿਨ ਫਿ਼ਰੋਜ਼਼ਪੁਰ ਵਿਖੇ ਰੋਹ ਜ਼ਾਹਿਰ ਕਰਦਿਆਂ ਠੇਕੇਦਾਰਾਂ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਉਹ ਪੁਰਾਣੇ ਲਏ ਠੇਕਿਆਂ ਪਰ ਕੰਮ ਕਰ ਰਹੇ ਹਨ, ਪਰ ਕੁਝ ਸਮੇਂ ਵਿਚ ਹਰ ਵਸਤੂ ਦਾ ਰੇਟ 60 ਤੋਂ 70 ਪ੍ਰਤੀਸ਼ਤ ਵੱਧ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿ਼ਰੋਜ਼ਪੁਰ ਵਿਖੇ ਇਕੱਤਰ ਹੋਏ ਠੇਕੇਦਾਰਾਂ ਨੇ ਜਿਥੇ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ, ਉਥੇ ਕੰਮਾਂ ਵਿਚ ਆ ਰਹੀਆਂ ਦਿੱਕਤਾਂ ਦਾ ਜਿ਼ਕਰ ਕਰਦਿਆਂ ਸਰਕਾਰ ਨੂੰ ਠੇਕੇਦਾਰਾਂ ਦੇ ਹਿੱਤ ਵਿਚ ਵੀ ਨਿਰਣਾ ਲੈਣ ਦੀ ਅਪੀਲ ਕੀਤੀ। ਗੱਲਬਾਤ ਕਰਦਿਆਂ ਠੇਕੇਦਾਰਾਂ ਨੇ ਸਪੱਸ਼ਟ ਕੀਤਾ ਕਿ ਪੁਰਾਣੇ ਟੈਂਡਰਾਂ ਨੂੰ ਕਲੋਜ਼ ਕਰਕੇ ਨਵੇਂ ਲਗਾਏ ਜਾਣ ਤਾਂ ਜੋ ਠੇਕੇਦਾਰਾਂ ਨੂੰ ਵੀ ਕੁਝ ਰਾਹਤ ਮਿਲ ਸਕੇ। ਠੇਕੇਦਾਰਾਂ ਨੇ ਸਪੱਸ਼ਟ ਕੀਤਾ ਕਿ ਯੂਕਰੇਨ-ਰੂਸ ਦੀ ਜੰਗ ਸਦਕਾ ਕੁਝ ਸਮੇਂ ਵਿਚ ਹੀ ਹਰ ਵਸਤੂ ਦੇ ਰੇਟ 60 ਤੋਂ 70 ਪ੍ਰਤੀਸ਼ਤ ਵੱਧ ਗਏ ਹਨ, ਜਿਸ ਕਰਕੇ ਠੇਕੇਦਾਰਾਂ ਅਤੇ ਲੇਬਰ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਨੂੰ ਮਾਈਨਿੰਗ ਪਾਲਸੀ ਬਣਾਉਣ ਦੀ ਗੁਹਾਰ ਲਗਾਉਂਦਿਆਂ ਠੇਕੇਦਾਰਾਂ ਨੇ ਸਪੱਸ਼ਟ ਕੀਤਾ ਕਿ ਅਜਿਹਾ ਹੋਣ ਨਾਲ ਕਾਫੀ ਵਸਤਾਂ ਦੇ ਰੇਟ ਸਥਿਰ ਹੋ ਜਾਣਗੇ, ਜਿਸ ਕਰਕੇ ਬਜ਼ਾਰ ਵਿਚ ਥੋੜ੍ਹੀ ਰਾਹਤ ਮਿਲੇਗੀ। ਪੰਜਾਬ ਸਰਕਾਰ ਕੋਲ ਇਨਸਾਫ ਦੀ ਗੁਹਾਰ ਲਗਾਉਂਦਿਆਂ ਠੇਕੇਦਾਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਵੀ ਨਾ ਦਿੱਤਾ ਤਾਂ ਉਹ ਵੀ ਮਜ਼ਬੂਰਨ ਸੰਘਰਸ਼ ਕਰਨਗੇ। ਕਿਸਾਨਾਂ ਦਾ ਜਿ਼ਕਰ ਕਰਦਿਆਂ ਠੇਕੇਦਾਰਾਂ ਨੇ ਕਿਹਾ ਕਿ ਜਿਹੜਾ ਰੋਹ ਜ਼ਾਹਿਰ ਕਰਦਾ ਹੈ, ਸਰਕਾਰ ਉਸ ਨੂੰ ਰਾਹਤ ਦੇ ਦਿੰਦੀ ਹੈ, ਬਾਕੀਆਂ ਵੱਲ ਝਾਕਦੀ ਵੀ ਨਹੀਂ, ਕਿਉਂਕਿ ਉਨ੍ਹਾਂ ਨੂੰ ਵੀ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਸਕਦਾ ਹੈ।

 

 

 

 

 

Post a Comment