ਡੀ.ਸੀ. ਦਫਤਰ ਸਾਹਮਣੇ ਬਿਜਲੀ ਦੇ ਲੰਮੇ ਲੰਮੇ ਕੱਟ ਲੱਗਣ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ
ਜਲੰਧਰ(ਵਿੱਕੀ ਸੂਰੀ)- ਭਾਰਤੀ ਜਨਤਾ ਪਾਰਟੀ ਨੇ ਜਲੰਧਰ ਦੇ ਡੀ.ਸੀ. ਦਫਤਰ ਸਾਹਮਣੇ ਅੱਜ ਬਿਜਲੀ ਦੇ ਲੰਮੇ ਲੰਮੇ ਕੱਟ ਲੱਗਣ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਬੀਜੇਪੀ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਅਤੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸੱਤਾ ਸੰਭਾਲਦੇ ਹੀ ਆਪਣੇ ਵਾਅਦੇ ਤੋਂ ਮੁੱਕਰ ਗਏI ਜਨਤਾ ਨੂੰ ਮੁਫਤ ਜਾਂ ਨਿਰਵਿਘਨ ਬਿਜਲੀ ਮਿਲਣੀ ਤਾਂ ਦੂਰ ਜੋ ਮਿਲ ਰਹੀ ਸੀ ਉਸ ਤੋਂ ਵੀ ਹੱਥ ਧੋਣੇ ਪੈ ਗਏ ਹਨ। ਅੱਜ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਦੌਰਾਨ ਇਕ ਹਜ਼ਾਰ ਰੁਪਿਆ ਹਰ ਘਰ ਵਿੱਚ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ਦੇ ਆਉਣ ਤੋਂ ਬਾਅਦ ਉਸ ਵਾਅਦੇ ਨੂੰ ਵੀ ਮਾਨ ਸਰਕਾਰ ਭੁੱਲ ਬੈਠੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੀ ਵੀ ਸੁਧ ਲੈਣ ਵਾਲਾ ਕੋਈ ਨਹੀਂ ਹੈ ਉਨ੍ਹਾਂ ਨੂੰ ਵੀ ਮਜਬੂਰ ਹੋ ਕੇ ਧਰਨੇ ਪ੍ਰਦਰਸ਼ਨ ਦੇਣੇ ਪੈ ਰਹੇ ਹਨ ਇਨ੍ਹਾਂ ਹਾਲਾਤਾਂ ਚ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।