ਫਰੀਦਕੋਟ (ਵਿਪਨ ਮਿਤੱਲ) : ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਉੱਥੇ ਹੀ ਹੁਣ ਪੰਜਾਬੀਆਂ ਲਈ ਵੱਡੀ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹੇ ਅੰਦਰ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੇ ਤੱਤ ਪਾਏ ਗਏ ਹਨ, ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ। ਪਰ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਵਾਟਰ ਸਪਲਾਈ ਵਿਭਾਗ ਵੱਲੋਂ ਕਰਵਾਈਆਂ ਗਈਆਂ ਰਿਪੋਰਟਾਂ ਵਿਚ ਫਰੀਦਕੋਟ ਦੇ ਨਾਲ ਲੱਗਦੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਪਾਈ ਗਈ ਹੈ। ਜਿਨ੍ਹਾਂ ਵਿਚ ਕੁਝ ਪਿੰਡਾਂ ਵਿਚ ਪਾਣੀ ਦੀ ਯੂਰੇਨੀਅਮ ਦੀ ਮਾਤਰਾ 99.00 ਪੀਗੀ/ਐੱਲ ਜੋ ਕਿ 30 ਪੀਜੀ/ਐੱਲ ਤਕ ਨਾਰਮਲ ਮੰਨਿਆਂ ਜਾਂਦਾ ਹੈ ਅਤੇ ਕਈ ਪਿੰਡਾਂ ਵਿਚ ਇਹ ਮਾਤਰਾ 99 ਪੀਜੀ/ਐੱਲ ਵੀ ਪਾਈ ਗਈ ਹੈ, ਜਿਸ ਦੀ ਦੁਬਾਰਾ ਸੈਂਪਿਲੰਗ ਕਰ ਕੇ ਮੁੜ ਰਿਪੋਰਟਾਂ ਕਰਵਾਈਆ ਜਾ ਰਹੀਆਂ ਹਨ। ਪਰ ਹਾਲੇ ਤਕ ਵਾਟਰ ਸਪਲਾਈ ਵਿਭਾਗ ਵੱਲੋਂ ਅਜਿਹੇ ਪਿੰਡਾਂ ਦੇ ਨਾਂ ਨਸ਼ਰ ਨਹੀਂ ਕੀਤੇ ਜਾ ਰਹੇ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਅੱਧਾ ਦਰਜਨ ਪਿੰਡਾਂ ਦੇ ਨਲਕਿਆਂ ਅਤੇ ਟਿਊਬਵੈਲਾਂ ਦੇ ਪਾਣੀ ਦਾ ਸੈਂਪਲ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਵਰਗੇ ਤੱਤ ਪਾਏ ਗਏ ਹਨ, ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੇ ਹਨ। ਇਸ ਦੀ ਪੁਸ਼ਟੀ ਵਾਟਰ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸਵਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਪਿੰਡਾਂ ਦੇ ਨਲਕਿਆਂ ਅਤੇ ਟਿਊਬਵੈਲਾਂ ਦੇ ਪਾਣੀ ਦੀ ਸੈਂਪਿਲੰਗ ਕਰਾਵਈ ਗਈ ਸੀ, ਜਿਨ੍ਹਾਂ ਵਿਚੋਂ ਕੁਝ ਪਿੰਡਾਂ ਦੇ ਪਾਣੀ ਦੇ ਸੈਂਪਲਾਂ ਵਿਚ ਯੂਰੇਨੀਅਮ ਅਤੇ ਹੋਰ ਮਾਰੂ ਤੱਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ, ਉਨ੍ਹਾਂ ਪਿੰਡਾਂ ਦੀ ਸੈਂਪਿਲੰਗ ਦੁਬਾਰਾ ਕੀਤੀ ਜਾ ਰਹੀ ਹੈ ਤਾਂ ਜੋ ਡਬਲ ਟੈਸਟਿੰਗ ਹੋ ਕੇ ਸਹੀ ਤੱਥ ਸਾਹਮਣੇ ਆ ਸਕਣ। ਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤਕ ਦੁਬਾਰਾ ਟੈਸਟਿੰਗ ਰਿਪੋਰਟਾਂ ਸਾਹਮਣੇ ਨਹੀਂ ਆਉਂਦੀਆਂ, ਉਦੋਂ ਤਕ ਅਜਿਹੇ ਪਿੰਡਾਂ ਦੇ ਨਾਂ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੱਸਿਆ ਕਿ ਫਰੀਦਕੋਟ ਦੇ ਲੋਕ ਨਹਿਰ ਕਿਨਾਰੇ ਲੱਗੇ ਨਲਕਿਆਂ ਦਾ ਪਾਣੀ ਪੀ ਰਹੇ ਹਨ। ਉਨ੍ਹਾਂ ਦੀ ਵੀ ਸੈਂਪਿਲੰਗ ਕਰਵਾਈ ਜਾਵੇਗੀ ਕਿਉਂਕਿ ਹਾਲ ਹੀ ਵਿਚ ਇਨ੍ਹਾਂ ਨਹਿਰਾਂ ਵਿਚ ਵਗਣ ਵਾਲੇ ਪਾਣੀ ਨੂੰ ਪੀਣ ਲਈ ਸਹੀ ਨਾ ਮੰਨਦੇ ਹੋਏ ਸਰਕਾਰ ਵੱਲੋਂ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹਨਾਂ ਨਲਕਿਆਂ ਦਾ ਪਾਣੀ ਧਰਤੀ ਦੀ ਉਪਰਲੀ ਸੱਤ੍ਹਾ ਦਾ ਪਾਣੀ ਹੈ, ਜਿਸ ਵਿਚ ਹੈਵੀ ਮੈਟਲਜ਼ ਹੋਣ ਦੇ ਚਾਂਸ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਵਾਟਰ ਸਪਲਾਈ ਵਿਭਾਗ ਵੱਲੋਂ ਰਾਜਾ ਮਾਈਨਰ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਾਫੀ ਹੱਦ ਤਕ ਸਹੀ ਹੈ।
Contact Us To Share your Problem Or Latest News... Link
Reach out!