ਕਿਸਾਨ ਜਥੇਬੰਦੀਆਂ ਨੇ ਐੱਮ.ਐੱਲ.ਏ ਨੂੰ ਦਿੱਤਾ ਮੰਗ ਪੱਤਰ

ਜਲੰਧਰ (ਵਿੱਕੀ ਸੂਰੀ )- ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮੁੱਖ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਬੀਤੇ ਦਿਨ ਹਲਕਾ ਜਲੰਧਰ ਤੋਂ ਐੱਮ.ਐੱਲ.ਏ. ਸ਼ੀਤਲ ਅੰਗੂਰਾਲ ਅਤੇ ਐੱਮ. ਐੱਲ.ਏ. ਰਮਨ ਅਰੋੜਾ ਨੂੰ ਦਿੱਤਾ। ਜਾਣਕਾਰੀ ਦਿੰਦਿਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਦੱਸਿਆ ਕਿ ਇਹ ਜੋ ਮੰਗ-ਪੱਤਰ ਹਲਕਾ ਐੱਮ ਐੱਲ ਏ ਨੂੰ ਦਿੱਤਾ ਗਿਆ ਹੈ, ਇਸ ਵਿਚ ਕਿਸਾਨਾਂ ਦੀਆਂ ਮੁੱਖ ਮੰਗਾਂ ਪੂਰੀਆਂ ਕਰਨ ਦੀ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ।



ਇਸ ਦੌਰਾਨ ਦੋਨੋਂ ਐੱਮ ਐੱਲ ਏ ਵਲੋਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਜਲਦ ਹੀ ਮਾਨ ਸਰਕਾਰ ਨਾਲ਼ ਉਨ੍ਹਾਂ ਦੀ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਅਣਕਿਆਸੀ ਗਰਮੀ ਪੈਣ ਕਾਰਨ ਇਸ ਵਾਰ ਜੋ ਕਣਕ ਦਾ ਝਾੜ ਘਟਿਆ ਹੈ, ਇਸ ਦਾ ਹਰ ਕਿਸਾਨ ਨੂੰ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ 10 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ, ਅੱਗ ਨਾਲ ਸੜੀ ਕਣਕ ਦੀ ਭਰਪਾਈ ਲਈ 40 ਹਜ਼ਾਰ ਪ੍ਰਤੀ ਏਕੜ, ਅੱਗ ਕਾਰਨ ਇਕੱਲੀ ਤੂੜੀ ਨਾ ਬਣਾ ਸਕਣ ਵਾਲੇ ਕਿਸਾਨ ਨੂੰ 10 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਮੱਕੀ, ਮੂੰਗੀ, ਸੂਰਜਮੁਖੀ ਅਤੇ ਸਬਜ਼ੀਆਂ ਨੂੰ ਉਤਸ਼ਾਹਿਤ ਕਰਨ ਲਈ ਇਕੱਲੀ ਐੱਮਐੱਸਪੀ ਨਾਲ ਗੱਲ ਨਹੀਂ ਬਣਨੀ, ਇਨ੍ਹਾਂ ਫਸਲਾਂ ਦੀ ਸਰਕਾਰੀ ਖਰੀਦ ਦੀ ਵੀ ਗਾਰੰਟੀ ਦਿੱਤੀ ਜਾਵੇ।

Post a Comment