ਬਦਲੀਆਂ ਲਈ ਜਥੇਬੰਦੀਆਂ ਤੋਂ ਪ੍ਰਾਪਤ ਸੁਝਾਵਾਂ ਨੂੰ ਲਾਗੂ ਕਰਨ, ਸਿੱਖਿਆ ਮੰਤਰੀ : ਨੀਰਜ ਯਾਦਵ
ਜਲੰਧਰ (ਵਿੱਕੀ ਸੂਰੀ )- ਟੀਚਰਜ਼ ਯੂਨੀਅਨ, ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨੀਰਜ ਯਾਦਵ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੁੱਝ ਦਿਨ ਪਹਿਲਾਂ ਸਿੱਖਿਆ ਵਿਭਾਗ, ਪੰਜਾਬ ਵਿਚ ਕੰਮ ਕਰਦੇ ਅਧਿਆਪਕਾਂ, ਕੰਪਿਊਟਰ ਫੈਕਲਟੀ ਤੇ ਨਾਨ ਟੀਚਿੰਗ ਸਟਾਫ ਦੀ ਜਥੇਬੰਦੀਆਂ ਦੇ ਆਗੂਆਂ ਨਾਲ ਜੂਮ ਤੇ ਮੀਟਿੰਗ ਕਰਕੇ ਬਦਲੀਆਂ ਸਬੰਧੀ ਸੁਝਾਅ ਮੰਗੇ ਸਨ ਤੇ ਵਧੀਆ ਸੁਝਾਵਾਂ ਨੂੰ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸੁਝਾਵਾਂ ਤੇ ਕਾਰਵਾਈ ਕਰਕੇ ਲਾਗੂ ਕਰਨ ਦੀ ਥਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਅਧਿਆਪਕ ਬਦਲੀ ਨੀਤੀ 2019 ਅਨੁਸਾਰ ਡੀਡੀਓ'ਜ ਨੂੰ ਵੇਰਵੇ ਪ੍ਰਾਇਮਰੀ ਵਿੰਗ ਲਈ 5 ਜੂਨ ਤੱਕ ਤੇ ਅੱਪਰ ਪ੍ਰਾਇਮਰੀ ਲਈ 7 ਜੂਨ ਤੱਕ ਅਪਰੂਵਡ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ ਵਲੋਂ ਅਜਿਹਾ ਕਰਨ ਨਾਲ ਜਿੱਥੇ ਸਿੱਖਿਆ ਮੰਤਰੀ, ਪੰਜਾਬ ਦੀ ਕਥਨੀ ਤੇ ਕਰਨੀ 'ਤੇ ਸਵਾਲ ਖੜ੍ਹੇ ਹੋਏ ਹਨ ਉਥੇ ਸੁਝਾਵਾਂ ਅਨੁਸਾਰ ਰਾਹਤ ਦੀ ਉਮੀਂਦ ਲਈ ਬੈਠੇ ਅਧਿਆਪਕਾਂ, ਕੰਪਿਊਟਰ ਫੈਕਲਟੀ ਤੇ ਨਾਨ ਟੀਚਿੰਗ ਸਟਾਫ ਵਿੱਚ ਵੀ ਨਿਰਾਸ਼ਾ ਫੈਲ ਗਈ ਹੈ। ਆਗੂ ਨੇ ਕਿਹਾ ਕਿ ਜੇਕਰ ਵਿਭਾਗ ਨੇ ਆਪਣੀ ਮਰਜੀ ਹੀ ਕਰਨੀ ਸੀ ਤਾਂ ਸਿੱਖਿਆ ਮੰਤਰੀ ਵਲੋਂ ਜਥੇਬੰਦੀਆਂ ਤੋਂ ਸੁਝਾਅ ਮੰਗਣੇ ਹੀ ਨਹੀਂ ਚਾਹੀਦੇ ਸੀ ਕਿਉਂਕਿ ਉਹ ਲਾਗੂ ਤਾ ਕਰਵਾ ਨਹੀਂ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਵਲੋਂ ਲੁਧਿਆਣਾ ਵਿਖੇ ਲਗਭਗ 80 ਲੱਖ ਰੁਪਏ ਖਰਚ ਕਰਕੇ ਅਧਿਆਪਕਾਂ ਤੋਂ ਸੁਝਾਅ ਮੰਗਣ ਲਈ ਇਕ ਪੋਰਟਲ ਲਾਂਚ ਕੀਤਾ ਗਿਆ ਸੀ, ਜਿਸ ਤੇ ਹਜਾਰਾਂ ਦੀ ਗਿਣਤੀ ਵਿਚ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸੁਝਾਅ ਦਿੱਤੇ ਹਨ। ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਸੁਝਾਵਾਂ ਤੇ ਵੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਸਿੱਖਿਆ ਮੰਤਰੀ, ਪੰਜਾਬ ਤੋ ਬਦਲੀਆਂ ਸਬੰਧੀ ਮਿਲੇ ਸੁਝਾਵਾਂ ਤੇ ਕਾਰਵਾਈ ਕਰਦੇ ਹੋਏ ਤੁਰੰਤ ਲਾਗੂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ।ਆਗੂ ਨੇ ਅੱਗੇ ਕਿਹਾ ਕਿ 6635 ਈਟੀਟੀ ਦੀ ਪੋਸਟਾਂ ਤੇ ਕੋਰਟ ਕੇਸ ਦਰਜ ਹੋਣ ਕਾਰਨ ਇਹ ਭਰਤੀ ਲਟਕੀ ਪਈ ਸੀ, ਹੁਣ ਜੱਦ ਇਸ ਤੇ ਸਟੇਅ ਆਰਡਰ ਟੂਟ ਗਿਆ ਹੈ ਤਾਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਜੁਆਇੰਨ ਕਰਵਾਇਆ ਜਾਵੇ। ਹੁਣ ਇਸ ਕੰਮ ਵਿਚ ਦੇਰੀ ਕਾਰਨਾ ਕਿਸੇ ਨਵੇਂ ਕੋਰਟ ਕੇਸ ਜਾਂ ਨਵੀਂ ਸਮੱਸਿਆ ਨੂੰ ਖੜ੍ਹੇ ਕਰ ਦੇ ਬਰਾਬਰ ਹੋਵੇਗਾ। ਉਨ੍ਹਾਂ ਸਿੱਖਿਆ ਮੰਤਰੀ, ਪੰਜਾਬ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਬਹੁਤ ਘਾਟ ਹੈ, ਇਸ ਲਈ 6635 ਈਟੀਟੀ ਅਧਿਆਪਕਾਂ ਨੂੰ ਤੁਰੰਤ ਜੁਆਇੰਨ ਕਰਵਾਇਆ ਜਾਵੇ।