ਬੰਦੀ ਸਿੱਖਾਂ ਦੀ ਰਿਹਾਈ ਲਈ ਸਾਂਝੀ ਕਮੇਟੀ ਰਾਹੀਂ ਸੰਘਰਸ਼ ਵਿੱਢਣ ਦਾ ਫੈਸਲਾ ਸ਼ਲਾਘਾਯੋਗ : ਹਰਜੀਤ ਵਾਲੀਆ

ਕਪੂਰਥਲਾ (ਗੌਰਵ ਮੜੀਆ)-ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਪੰਥਕ ਇਕੱਠ ਵਿਚ ਜਥੇਬੰਦੀਆਂ ਵੱਲੋਂ ਬੀਤੇ ਦਿਨ ਇੱਕਜੁਟਤਾ ਨਾਲ ਸੰਘਰਸ਼ ਵਿੱਢਣ ਦਾ ਜੋ ਫੈਸਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਵਾਲੀਆ ਨੇ ਕੀਤਾ। ਜਥੇਦਾਰ ਵਾਲੀਆ ਨੇ ਕਿਹਾ ਕਿ ਅੱਜ ਦਾ ਦਿਨ ਬੜਾ ਇਤਿਹਾਸਿਕ ਹੋ ਨਿੱਬੜਿਆ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਨੂੰ ਖ਼ਾਲਸਾ ਪੰਥ ਨੇ ਇੱਕਜੁੱਟ ਅਵਾਜ਼ ਵਿੱਚ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਮਹਾਨ ਗੁਰੂ ਸਾਹਿਬਾਨ ਦੀ ਬਖਸ਼ਿਸ਼ ਸਦਕਾ ਅੱਜ ਉਨ੍ਹਾਂ ਦੀ ਰਿਹਾਈ ਦੇ ਸੰਘਰਸ਼ ਲਈ ਖ਼ਾਲਸਾ ਪੰਥ ਨੇ ਮੁਕੰਮਲ ਏਕੇ ਦਾ ਪ੍ਰਗਟਾਵਾ ਕੀਤਾ।



ਜਥੇਦਾਰ ਵਾਲੀਆ ਨੇ ਕਿਹਾ ਕਿ ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ, ਰਾਜਸੀ ਤੇ ਸਮਾਜਿਕ ਜਥੇਬੰਦੀਆਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਸੰਘਰਸ਼ ਦਾ ਸਾਥ ਦੇਣ ਦੀ ਜੋ ਗੱਲ ਕਹੀ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਨ੍ਹਾਂ ਸਿੱਖਾਂ ਵੱਲੋਂ ਲਿਆ ਗਿਆ ਫੈਸਲਾ ਸਿੱਖਾਂ ਦੇ ਗੁਰਧਾਮਾਂ ਅਤੇ ਕੌਮ ਦੀ ਅਣਖ ’ਤੇ ਕੀਤੇ ਗਏ ਹਮਲਿਆਂ ਵਿੱਚੋਂ ਨਿਕਲਿਆ ਸੀ, ਇਸ ਲਈ ਬਿਨਾਂ ਸ਼ਰਤ ਬੰਦੀ ਸਿੱਖ ਤੁਰੰਤ ਰਿਹਾਅ ਕੀਤੇ ਜਾਣ। ਜਥੇਦਾਰ ਵਾਲੀਆ ਨੇ ਕਿਹਾ ਕਿ ਚਿਰਾਂ ਬਾਅਦ ਕੀਤਾ ਗਿਆ ਇਹ ਪੰਥਕ ਇਕੱਠ ਆਪਣੇ ਆਪ ਵਿਚ ਇਤਿਹਾਸਕ ਹੈ, ਜਿਸ ’ਤੇ ਅਵੱਸ਼ ਚੰਗੇ ਨਤੀਜੇ ਨਿਕਲਣਗੇ।

Post a Comment