ਵੱਡੀ ਖਬਰ! ਸਿਹਤ ਵਿਭਾਗ ਵਲੋਂ "ਲੂ" ਤੋਂ ਬਚਾਅ ਸਬੰਧੀ ਅਡਵਾਇਜਰੀ ਜਾਰੀ

ਕਪੂਰਥਲਾ (ਗੌਰਵ ਮੜੀਆ)-ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਵਲੋਂ "ਲੂ" ਤੋਂ ਬਚਾਅ ਸਬੰਧੀ ਅਡਵਾਇਜਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਪਿਛਲੇ ਮਹੀਨੇ ਸਾਰੀਆਂ ਸਟੇਟਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਸੀ ਜਿਸ 'ਚ ਇਹ ਖਦਸ਼ਾ ਜਤਾਇਆ ਗਿਆ ਸੀ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਗਰਮੀ ਜ਼ਿਆਦਾ ਪਵੇਗੀ ਜਿਸ ਦੇ ਮੱਦੇਨਜ਼ਰ ਇਕ ਅਡਵਾਇਜਰੀ ਜਾਰੀ ਕੀਤੀ ਗਈ ਹੈ। ਅਡਵਾਇਜਰੀ ਦੀਆਂ ਹਦਾਇਤਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਵਲੋ ਸਾਰੇ ਪ੍ਰੋਗਰਾਮ ਅਫ਼ਸਰਾਂ ਦੀ ਇਕ ਅਹਿਮ ਮੀਟਿੰਗ ਸੱਦੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਹੀ ਸਰਕਾਰੀ ਹਸਪਤਾਲਾਂ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ ਰੱਖਿਆ ਜਾਵੇ, ਹਸਪਤਾਲ ਵਿਚ ਪੱਖੇ, ਕੂਲਰ ਆਦਿ ਚਲਦੀ ਹਾਲਤ ਵਿੱਚ ਹੋਣੇ ਚਾਹੀਦੇ ਹਨ। ਬਿਜਲੀ ਕੱਟ ਲੱਗਣ ਦੀ ਸੂਰਤ 'ਚ ਹਸਪਤਾਲ ਵਿਚ ਜਨਰੇਟਰ ਦੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਕਿ ਹਸਪਤਾਲ ਆਏ ਮਰੀਜ਼ਾਂ ਨੂੰ ਗਰਮੀ ਵਿਚ ਨਾ ਬੈਠਣਾ ਪਵੇ।

                                                                               
ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਗਰਮੀਆਂ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਨਾਲ ਹਸਪਤਾਲਾਂ ਵਿਚ ਓ.ਆਰ.ਐਸ ਅਤੇ ਹੋਰ ਲੋੜੀਂਦੀਆਂ ਦਵਾਈਆਂ ਆਦਿ ਦੀ ਸੁਵਿਧਾ ਉਪਲੱਬਧ ਹੋਣੀ ਚਾਹੀਦੀ ਹੈ ਤਾਂ ਕਿ ਲੋੜ ਪੈਣ 'ਤੇ ਮਰੀਜ਼ਾਂ ਨੂੰ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਆਮ ਮਨੁੱਖੀ ਸਰੀਰ ਦਾ ਤਾਪਮਾਨ 36.4*C ਤੋ 37.2*C ਵਿਚਕਾਰ ਹੁੰਦਾ ਹੈ। ਉੱਚ ਬਾਹਰੀ ਅਤੇ ਅੰਦਰਲੇ ਤਾਪਮਾਨ ਦੇ ਸੰਪਰਕ ਵਿਚ ਆਉਣ ਨਾਲ ਅਸੀਂ ਬਿਮਾਰੀ ਹੋ ਸਕਦੇ ਹਾਂ। ਉਨ੍ਹਾਂ ਸਾਰੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਓਪੀਡੀ 'ਚ ਆਉਣ ਵਾਲੇ ਮਰੀਜ਼ਾਂ ਨੂੰ ਦੱਸਿਆ ਜਾਵੇ ਕਿ ਉਹ ਕੋਸ਼ਿਸ਼ ਕਰੋ ਕਿ ਦੁਪਹਿਰ ਦੇ 12 ਤੋ 3 ਦੇ ਦਰਮਿਆਨ ਘਰੋਂ ਬਾਹਰ ਨਾ ਨਿਕਲਿਆ ਜਾਵੇ। ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣਾ ਵੀ ਪੈਦਾ ਹੈ ਤਾਂ ਸਿਰ ਢੱਕ ਕੇ ਅਤੇ ਪਾਣੀ ਪੀ ਕੇ ਜਾਇਆ ਜਾਵੇ ਤੇ ਨਾਲ ਪਾਣੀ ਦੀ ਬੌਤਲ ਵੀ ਲੈ ਕੇ ਜਾਈਂ ਜਾਵੇ। ਹਰ 20 ਮਿੰਟ ਬਾਅਦ ਪਾਣੀ ਪੀਂਦੇ ਰਹੋ। ਪਾਣੀ, ਨਿੰਬੂ ਪਾਣੀ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਦੇ ਰਹੋ‌। ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰੋ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਤੇ ਬੱਚਿਆਂ ਦਾ ਗਰਮੀਆਂ ਦੇ ਦਿਨਾਂ ਵਿੱਚ "ਲੂ" ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਹਨ ਇਸ ਲਈ ਇਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ। "ਲੂ" ਲੱਗਣ ਦੇ ਲੱਛਣਾਂ ਬਾਰੇ ਦੱਸਦਿਆਂ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਲੂ ਲੱਗਣ 'ਤੇ ਅੱਖਾਂ ਅੱਗੇ ਹਨੇਰਾ ਆਉਂਦਾ, ਪੱਠਿਆਂ 'ਚ ਤੇਜ਼ ਦਰਦ ਹੁੰਦਾ, ਬੈਚੇਨੀ ਤੇ ਘਬਰਾਹਟ ਦਾ ਹੋਣਾ, ਸਾਹ ਫੁੱਲਣਾ ਜਾ ਦਿਲ ਦੀ ਧੜਕਣ ਤੇਜ਼ ਹੋਣਾ, ਮਾਸਪੇਸ਼ੀਆਂ ਵਿਚ ਜਕੜਨ ਤੇ ਕਮਜ਼ੋਰੀ ਮਹਿਸੂਸ ਅਤੇ ਸਰੀਰ ਵਿੱਚ ਪਾਣੀ ਦੀ ਕਮੀਂ ਹੋਣਾ ਆਦਿ ਇਸ ਦੇ ਮੁੱਖ ਲੱਛਣ ਹਨ। ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਆਉਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਏਸੀਐਸ ਅੰਨੂ ਸ਼ਰਮਾ, ਡੀਐਫਪੀਓ ਡਾ ਅਸ਼ੋਕ ਕੁਮਾਰ,ਡੀਡੀਐਚੳ ਕਪਿਲ ਡੋਗਰਾ, ਐਸਐਸਐਮ ਡਾ. ਸੰਦੀਪ ਭੋਲਾ,ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਪਰਡੈਂਟ ਰਾਮ ਅਵਤਾਰ,ਡੀਪੀਐਮ ਡਾ. ਸੁਖਵਿੰਦਰ ਕੌਰ, ਬੀਈਈ ਰਵਿੰਦਰ ਜੱਸਲ ਸਮੇਤ ਹੋਰ ਡਾਕਟਰ ਸਾਹਿਬਾਨ ਹਾਜ਼ਰ ਸਨ।

Post a Comment