ਡਿਪਟੀ ਕਮਿਸ਼ਨਰ ਨੇਂ ਇੰਤਕਾਲਾਂ ਦੇ ਸਾਰੇ ਬਕਾਇਆ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਦਿੱਤੀਆਂ ਹਦਾਇਤਾਂ

ਜਲੰਧਰ, (ਵਿੱਕੀ ਸੂਰੀ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੀਤੇ ਦਿਨ ਦੱਸਿਆ ਕਿ ਜ਼ਿਲ੍ਹਾ ਜਲੰਧਰ ਨੇ ਨਿਰਧਾਰਤ ਸਮਾਂ ਸੀਮਾ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲਾਂ ਨੂੰ ਯਕੀਨੀ ਬਣਾਉੰਦਿਆਂ ਅਤੇ ਸੂਬੇ ਵਿੱਚ ਸਭ ਤੋਂ ਘੱਟ ਬਕਾਇਆ ਦਰ ਨੂੰ ਕਾਇਮ ਰੱਖਦਿਆਂ ਸੂਬੇ ਭਰ 'ਚ ਅੱਵਲ ਸਥਾਨ ਹਾਸਲ ਕੀਤਾ ਹੈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1,22,898 ਇੰਤਕਾਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 1802 ਇੰਤਕਾਲ ਸਿਸਟਮ ਵਿੱਚ ਬਕਾਇਆ ਹਨ, ਜੋ ਕਿ ਕੁੱਲ ਕੇਸਾਂ ਦਾ 1.47 ਫੀਸਦੀ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਹੁਤੇ ਬਕਾਇਆ ਇੰਤਕਾਲ ਸਮਾਂ ਸੀਮਾ ਦੇ ਅੰਦਰ ਹਨ, ਜਿਨਾਂ ਦਾ 45 ਦਿਨਾਂ ਦੇ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ।

                                                                                   

ਉਨ੍ਹਾਂ ਦੱਸਿਆ ਕਿ ਐਨ.ਡੀ.ਜੀ.ਆਰ.ਐਸ. ਪ੍ਰਣਾਲੀ ਦੇ ਏਕੀਕਰਣ ਤੋਂ ਬਾਅਦ ਹੁਣ ਜਾਇਦਾਦ ਦੀ ਰਜਿਸਟ੍ਰੇਸ਼ਨ ਉਪਰੰਤ 45 ਦਿਨਾਂ ਦੇ ਅੰਦਰ ਇੰਤਕਾਲ ਦੀ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਇਸ ਨਵੀਂ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਮਾਲ ਅਧਿਕਾਰੀਆਂ ਵੱਲੋਂ ਇਸ ਸਮਾਂ ਸੀਮਾ ਦੇ ਅੰਦਰ 1.22 ਲੱਖ ਤੋਂ ਵੱਧ ਇੰਤਕਾਲ ਦਰਜ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇੰਤਕਾਲਾਂ ਦੇ ਸਾਰੇ ਬਕਾਇਆ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਜ਼ਿਲ੍ਹੇ ਵਿੱਚ ਜ਼ੀਰੋ ਪੈਂਡੈਂਸੀ ਨੂੰ ਯਕੀਨੀ ਬਣਾਇਆ ਜਾ ਸਕੇ।ਕੋਰਟ ਕੇਸਾਂ ਦਾ ਜਾਇਜ਼ਾ ਲੈੰਦਿਆਂ ਡਿਪਟੀ ਕਮਿਸ਼ਨਰ ਨੇ ਇਨਾਂ ਦੇ ਜਲਦੀ ਤੋਂ ਜਲਦੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਆਰ.ਸੀ.ਐਮ.ਐਸ. ਅਪਡੇਸ਼ਨ ਅਤੇ ਮੁਸਾਵੀ ਵੈਲੀਡੇਸ਼ਨ ਦਾ ਵੀ ਜਾਇਜ਼ਾ ਲਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲ੍ਹਾ ਮਾਲ ਅਫ਼ਸਰ ਜੀ.ਐਸ. ਬੈਨੀਪਾਲ ਅਤੇ ਮਾਲ ਵਿਭਾਗ ਸੇ ਅਧਿਕਾਰੀ ਮੌਜੂਦ ਸਨ।

Post a Comment